Integrity Score 100
No Records Found
Good
ਸੁਖਵਿੰਦਰਜੀਤ ਸਿੰਘ ਮਨੌਲੀ
ਏਸ਼ਿਆਈ ਦੇਸ਼ ਕਤਰ ਨੂੰ ਫੀਫਾ ਵਰਲਡ ਕੱਪ-2022 ਕਰਾਉਣ ਦੀ ਮੇਜ਼ਬਾਨੀ ਦਸੰਬਰ-2010 ’ਚ ਹਾਸਲ ਹੋਈ ਸੀ। ਕਤਰ ਦੀ ਮੇਜ਼ਬਾਨੀ ’ਚ ਮਿਡਲ ਈਸਟ ’ਚ ਖੇਡਿਆ ਜਾਣ ਵਾਲਾ ਇਹ ਪਲੇਠਾ ਵਿਸ਼ਵ ਫੁਟਬਾਲ ਕੱਪ ਹੈ। ਕੁੱਲ ਆਲਮ ਦੇ ਵੱਖ-ਵੱਖ ਪੰਜ ਖਿੱਤਿਆਂ ਦੀਆਂ 32 ਟੀਮਾਂ ਦਰਮਿਆਨ ਖੇਡੇ ਜਾਣ ਵਾਲੇ 22ਵੇਂ ਫੀਫਾ ਟੂਰਨਾਮੈਂਟ ’ਚ 64 ਮੈਚ ਖੇਡੇ ਜਾਣਗੇ। ਦੁਨੀਆਂ ਦੀਆਂ ਮੰਨੀਆਂ-ਦੰਨੀਆਂ ਫੁਟਬਾਲ ਟੀਮਾਂ ਨੂੰ 8 ਗਰੁੱਪਾਂ ’ਚ ਵੰਡਿਆ ਗਿਆ ਹੈ। ਵਿਸ਼ਵ ਸੌਕਰ ਕੱਪ ਦਾ ਪਹਿਲਾ ਮੈਚ ਮੇਜ਼ਬਾਨ ਕਤਰ ਤੇ ਇਕਵਾਡੋਰ ਦੀਆਂ ਸੌਕਰ ਟੀਮਾਂ ਦਰਮਿਆਨ ਅਲ ਖੋਰ ਸ਼ਹਿਰ ਦੇ ਅਲ ਬੇਯਤ ਫੁਟਬਾਲ ਸਟੇਡੀਅਮ ਦੇ ਮੈਟ ’ਤੇ ਖੇਡਿਆ ਜਾਵੇਗਾ। ਗਲੋਬਲ ਫੁਟਬਾਲ ਟੂਰਨਾਮੈਂਟ ਦਾ ਖਿਤਾਬੀ ਭਾਵ ਫਾਈਨਲ ਮੁਕਾਬਲਾ ਲੁਸੈਲ ਸਟੇਡੀਅਮ ਦੀ ਪਿੱਚ ’ਤੇ 18 ਦਸੰਬਰ ਨੂੰ ਖੇਡਿਆ ਜਾਵੇਗਾ। ਪੂਲ-ਏ ’ਚ ਮੇਜ਼ਬਾਨ ਦੇਸ਼ ਕਤਰ ਦੀ ਟੀਮ ਤੋਂ ਇਲਾਵਾ ਇਕਵਾਡੋਰ, ਸੇਨੇਗਲ ਤੇ ਨੀਦਰਲੈਂਡ ਦੀਆਂ ਟੀਮਾਂ ਅਗਲੇ ਦੌਰ ’ਚ ਜਾਣ ਲਈ ਜ਼ੋਰ-ਅਜ਼ਮਾਈ ਕਰਨਗੀਆਂ ਜਦਕਿ ਗਰੁੱਪ-ਬੀ ’ਚ ਫੀਫਾ ਵਿਸ਼ਵ ਕੱਪ-2018 ’ਚ ਸੈਮੀਫਾਈਨਲ ਖੇਡਣ ਵਾਲੀ ਇੰਗਲਿਸ਼ ਟੀਮ ਇੰਗਲੈਂਡ ਤੋਂ ਇਲਾਵਾ ਇਰਾਨ, ਅਮਰੀਕਾ ਤੇ ਵੇਲਜ਼ ਦੀਆਂ ਟੀਮਾਂ ਅਗਲੇ ਗੇੜ ’ਚ ਜਾਣ ਲਈ ਮੈਦਾਨ ਦੀ ਹਿੱਕ ’ਤੇ ਖੂਨ-ਪਸੀਨਾ ਇਕ ਕਰਨਗੀਆਂ। ਗਰੁੱਪ-ਸੀ ’ਚ ਦੋ ਵਾਰ ਵਿਸ਼ਵ ਕੱਪ ਜਿੱਤ ਚੁੱਕੀ ਅਰਜਨਟੀਨਾ ਟੀਮ ਤੋਂ ਮੈਕਸੀਕੋ, ਪੋਲੈਂਡ ਤੇ ਸਾਊਦੀ ਅਰਬ ਦੀਆਂ ਟੀਮਾਂ ਦੇ ਖਿਡਾਰੀ ਦੂਜੇ ਦੌਰ ’ਚ ਦਸਤਕ ਦੇਣ ਲਈ ਮੈਦਾਨ ’ਚ ਹਰ ਹਰਬਾ ਵਰਤਣਗੇ ਜਦਕਿ ਪੂਲ-ਡੀ ’ਚ ਡਿਫੈਂਡਿੰਗ ਚੈਂਪੀਅਨ ਫਰਾਂਸ ਤੋਂ ਇਲਾਵਾ ਆਸਟਰੇਲੀਆ, ਡੈਨਮਾਰਕ ਅਤੇ ਟਿਊਨੀਸੀਆ ਦੇ ਖਿਡਾਰੀ ਦੂਜੇ ਗੇੜ ਦਾ ਟਿਕਟ ਕਟਾਉਣ ਲਈ ਮੈਦਾਨ ਦੇ ਚਾਰੇ ਖੂੰਜਿਆਂ ’ਤੇ ਵਿੱਛ ਕੇ ਖੇਡਣਗੇ। ਪੂਲ-ਈ ਇਕ ਵਾਰ ਵਿਸ਼ਵ ਕੱਪ ਟਰਾਫੀ ਦੀ ਜਿੱਤ ਦਾ ਸੁਆਦ ਚੱਖ ਚੁੱਕੀ ਸਪੇਨ ਦੀ ਟੀਮ ਤੋਂ ਇਲਾਵਾ ਜਰਮਨੀ, ਜਪਾਨ ਅਤੇ ਕੋਸਟਾ ਰੀਕਾ ਦੀਆਂ ਦੂਜੇ ਦੌਰ ਦਾ ਟਿਕਟ ਕਟਾਉਣ ਲਈ ਇਕ-ਦੂਜੀ ਟੀਮ ਨੂੰ ਪਛਾੜਨ ਦਾ ਯਤਨ ਕਰਨਗੀਆਂ ਜਦਕਿ ਪੂਲ-ਐਫ ’ਚ ਸਾਲ-2018 ਵਿਸ਼ਵ ਕੱਪ ’ਚ ਤਾਂਬੇ ਦਾ ਤਗਮਾ ਜੇਤੂ ਬੈਲਜੀਅਮ ਦੀ ਟੀਮ ਤੋਂ ਇਲਾਵਾ ਕੈਨੇਡਾ, ਮੋਰੱਕੋ ਅਤੇ ਫੀਫਾ ਕੱਪ-2018 ’ਚ ਉਪ-ਜੇਤੂ ਕਰੋਸ਼ੀਆ ਦੇ ਖਿਡਾਰੀ ਅਗਲੇ ਗੇੜ ਲਈ ਉਡਾਣ ਭਰਨ ਟਿੱਲ ਤੱਕ ਦਾ ਜ਼ੋਰ ਲਾਉਣਗੇ। ਗਰੁੱਪ-ਜੀ ’ਚ ਵਿਸ਼ਵ ਫੁਟਬਾਲ ਦੀ ਸਾਹ ਰਗ ਕਹੀ ਜਾਣ ਵਾਲੀ ਬਰਾਜ਼ੀਲੀ ਟੀਮ ਤੋਂ ਇਲਾਵਾ ਸਰਬੀਆ, ਸਵਿਟਜ਼ਰਲੈਂਡ ਅਤੇ ਕੈਮਰੂਨ ਦੀਆਂ ਟੀਮਾਂ ਦੂਜੇ ਦੌਰ ਦਾ ਬੂਹਾ ਖੜਕਾਉਣ ਲਈ ਗਹਿਗੱਚ ਖੇਡ ਦਾ ਮੁਜ਼ਾਹਰਾ ਕਰਨਗੀਆਂ ਜਦਕਿ ਪੂਲ-ਐਚ ’ਚ ਪੁਰਤਗਾਲ ਤੋਂ ਇਲਾਵਾ ਘਾਨਾ, ਉਰੂਗੁਏ ਅਤੇ ਦੱਖਣੀ ਕੋਰੀਆ ਦੇ ਖਿਡਾਰੀ ਅਗਲੀ ਸਵੇਰ ਦੀ ਕਿਰਨ ਵੇਖਣ ਲਈ ਮੈਦਾਨ ’ਚ ਜਿੱਤ ਦੇ ਚਾਨਣ ਦਾ ਛੱਟਾ ਜ਼ਰੂਰ ਦੇਣਗੇ।
FIFA World Cup