Integrity Score 100
No Records Found
No Records Found
ਫੀਫਾ ਵਰਲਡ ਕੱਪ ਦੀ ਸ਼ੁਰੂਆਤ - History of FIFA World Cup - Part 2
ਸੁਖਵਿੰਦਰਜੀਤ ਸਿੰਘ ਮਨੌਲੀ
ਹਰ ਚਾਰ ਸਾਲ ਬਾਅਦ ਖੇਡੇ ਜਾਣ ਵਾਲੇ ਕੁੱਲ ਜਗਤ ਦੇ ਖੇਡ ਮੇਲੇ ’ਚ 32 ਟੀਮਾਂ ਦੇ ਖੇਡਣ ਦੀ ਪੱਕੀ ਵਿਵਸਥਾ ਕੀਤੀ ਗਈ। ਪੂਰੀ ਦੁਨੀਆਂ ਦੇ ਪੰਜ ਖਿੱਤਿਆਂ ’ਚ ਫੀਫਾ ਦੇ 200 ਤੋਂ ਵੱਧ ਮੈਂਬਰ ਦੇਸ਼ਾਂ ਵਲੋਂ ਖੇਡ ਨਿਯਮਾਂ ਅਨੁਸਾਰ ਵੱਖ-ਵੱਖ ਟੀਮਾਂ ਵਿਚਕਾਰ ਕੁਆਲੀਫਾਈ ਦੌਰ ਖੇਡ ਜਾਂਦੇ ਹਨ। ਵਿਸ਼ਵ ਦੀਆਂ ਟੀਮਾਂ ਵਲੋਂ ਸੰਸਾਰ-ਵਿਆਪੀ ਮੁਕਾਬਲਾ ਖੇਡਣ ਲਈ ਹਰ ਹੀਲਾ ਵਰਤਿਆ ਜਾਂਦਾ ਹੈ। ਹਰ ਖਿੱਤੇ ’ਚ ਨਿਯਮਾਂ ਅਨੁਸਾਰ ਕੁਆਲੀਫਾਈ ਦੌਰ ਖੇਡਣ ਦਾ ਪੈੈਮਾਨਾ ਸਰ ਕਰਨ ਵਾਲੀਆਂ ਟੀਮਾਂ ਹੀ ਆਲਮੀ ਫੁਟਬਾਲ ਕੱਪ ਖੇਡਣ ਦਾ ਟਿਕਟ ਕਟਵਾਉਂਦੀਆਂ ਹਨ। ਆਲਮੀ ਫੁਟਬਾਲ ਕੱਪ ਕੁੱਲ ਦੁਨੀਆਂ ਦਾ ਸਭ ਤੋਂ ਵੱਡਾ ਖੇਡ ਮੇਲਾ ਹੁੰਦਾ ਹੈ ਜੋ ਪੂਰਾ ਇਕ ਮਹੀਨਾ ਖੇਡਿਆ ਜਾਂਦਾ ਹੈ। ਇਸ ਵਿਸ਼ਵ-ਵਿਆਪੀ ਫੁਟਬਾਲ ਟੂਰਨਾਮੈਂਟ ਦੀ ਹੋਰ ਕੋਈ ਖੇਡ ਮੁਕਾਬਲਾ ਜਾਂ ਬਰਾਬਰੀ ਕਰਨੀ ਤਾਂ ਇਕ ਪਾਸੇ ਰਹੀ, ਨੇੜੇ-ਤੇੜੇ ਵੀ ਨਹੀਂ ਖੜਦੀ। ਫੀਫਾ ਸੰਸਾਰ ਕੱਪ ਕਰਾਉਣ ਦੀ ਮੇਜ਼ਬਾਨੀ ਹਾਸਲ ਕਰਨ ਲਈ ਵੀ ਹਰ ਦੇਸ਼ ਅੱਡੀ ਚੋਟੀ ਦਾ ਜ਼ੋਰ ਲਗਾ ਦੇਂਦਾ ਹੈ। ਜਿਸ ਦੇਸ਼ ’ਚ ਇਹ ਮੁਕਾਬਲਾ ਖੇਡਿਆ ਜਾਣਾ ਹੁੰਦਾ ਹੈ, ਉਸ ਦੇ ਵਾਰੇ-ਨਿਆਰੇ ਹੋ ਜਾਂਦੇ ਹਨ। ਉਸ ਦੇਸ਼ ਦੀ ਹੋਟਲ ਸਨਅਤ ਤੋਂ ਲੈ ਕੇ ਹਰ ਤਰ੍ਹਾਂ ਦੇ ਬਾਜ਼ਾਰ ’ਚ ਖਰੀਦੋ-ਫਰੋਖਤ ਦੇ ਰਿਕਾਰਡ ਟੁੱਟ ਜਾਂਦੇ ਹਨ। ਇਹ ਫੁਟਬਾਲ ਟੂਰਨਾਮੈਂਟ ਦੇਖਣ ਦੇ ਚਾਹਵਾਨ ਦਰਸ਼ਕਾਂ ਦੇ ਉਤਸ਼ਾਹ ਦਾ ਪਾਰਾ ਸੱਤਵੇਂ ਅਸਮਾਨ ’ਤੇ ਹੁੰਦਾ ਹੈ ਜੋ ਸਾਲ ਦੋ ਸਾਲ ਪਹਿਲਾਂ ਹੀ ਟੂਰਨਾਮੈਂਟ ਦੇਖਣ ਲਈ ਆਪਣੀਆਂ ਟਿਕਟਾਂ ਪੱਕੀਆਂ ਕਰ ਲੈਂਦੇ ਹਨ। ਬਹੁਤੇ ਦੇਸ਼ਾਂ ਦੇ ਫੁਟਬਾਲ ਪ੍ਰੇਮੀਆਂ ਨੇ ਵਿਆਹ-ਸ਼ਾਦੀਆਂ ਦੀਆਂ ਤਾਰੀਖਾਂ ਦੀਆਂ ਵੀ ਵਿਸ਼ਵ ਕੱਪ ਨਾਲ ਮੇਲ ਕੇ ਰੱਖੀਆਂ ਹੁੰਦੀਆਂ ਹਨ ਤਾਂ ਜੋ ਹਨੀਮੂਨ ਦੀ ਲੁਤਫ ਦੇ ਨਾਲ-ਨਾਲ ਫੁਟਬਾਲ ਖੇਡ ਦਾ ਆਨੰਦ ਵੀ ਮਾਣਿਆ ਜਾ ਸਕੇੇ। ਇਸ ਤੋਂ ਇਲਾਵਾ ਟੂਰਿਸਟ ਏਜੰਸੀਆਂ ਵਲੋਂ ਵੀ ਵਿਸ਼ਵ ਕੱਪ ਦੇਖਣ ਲਈ ਰਾਹਤ ਪੈਕੇਜ ਦਿੱਤੇ ਜਾਂਦੇ ਹਨ। ਬਹੁਤੇ ਦੇਸ਼ਾਂ ’ਚ ਤਾਂ ਸਕੂਲੀ ਤੇ ਹੋਰ ਛੁੱਟੀਆਂ ਦੇ ਪ੍ਰੋਗਰਾਮ ਹੀ ਫੁਟਬਾਲ ਕੱਪ ਦੀਆਂ ਡੇਟਾਂ ਨਾਲ ਮੇਲ ਕੇ ਤੈਅ ਕਰ ਲਏ ਜਾਂਦੇ ਹਨ।